ਭਾਰਤ ਆਪਣੀਆਂ ਹਵਾਈ ਕੰਪਨੀਆਂ ਲਈ ਚੀਨ ਦੇ ਸ਼ਿਨਜਿਆਂਗ ਹਵਾਈ ਖੇਤਰ ਰਾਹੀਂ ਬਦਲਵੇਂ ਹਵਾਈ ਰੂਟ ਦੀ ਸਹੂਲਤ ਹਾਸਲ ਕਰਨ ਦੀ ਸੰਭਾਵਨਾ ’ਤੇ ਵਿਚਾਰ ਕਰ ਰਿਹਾ ਹੈ। ਇਸ ਕਦਮ ਨਾਲ ਯੂਰਪ ਅਤੇ ਉੱਤਰੀ ਅਮਰੀਕਾ ਜਾਣ ਵਾਲੀਆਂ ਉਡਾਣਾਂ ਦਾ ਸਫ਼ਰ ਕਾਫ਼ੀ ਛੋਟਾ ਹੋ ਸਕਦਾ ਹੈ। ਇਸ ਨਾਲ ਪਾਕਿਸਤਾਨ ਵੱਲੋਂ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਲਗਾਤਾਰ ਬੰਦ ਰੱਖਣ ਕਾਰਨ ਪੈਣ ਵਾਲਾ ਵਾਧੂ ਵਿੱਤੀ ਬੋਝ ਵੀ ਘਟ ਸਕਦਾ ਹੈ।
ਸੂਤਰਾਂ ਅਨੁਸਾਰ ਬਦਲਵੇਂ ਹਵਾਈ ਰੂਟਾਂ ਦੀ ਵਰਤੋਂ ਦਾ ਮੁੱਦਾ ਭਾਰਤ ਅਤੇ ਚੀਨ ਦਰਮਿਆਨ ਵਿਆਪਕ ਪੱਧਰ ’ਤੇ ਚੱਲ ਰਹੀ ਗੱਲਬਾਤ ਦਾ ਹਿੱਸਾ ਰਿਹਾ ਹੈ। ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਖੇਤਰ ਨੂੰ ਸਹਿਯੋਗ ਦੇਣ ਲਈ ਨਵੇਂ ਰਸਤੇ ਲੱਭ ਰਹੀ ਹੈ।