ਮਹਿਲਾਵਾਂ ਨਾਲ ਹੁੰਦੀ ਛੇੜਛਾੜ ਅਤੇ ਜਿਸਮਾਨੀ ਸ਼ੋਸ਼ਣ ਦੀਆਂ ਲਗਾਤਾਰ ਵਧਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਬੌਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੀ ਭੈਣ ਮੇਜਰ ਖ਼ੁਸ਼ਬੂ ਪਾਟਨੀ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਆਪਣੇ ਇੰਸਟਾਗ੍ਰਾਮ ’ਤੇ ਏਅਰ ਪਿਸਤੌਲ (CO2) ਨਾਲ ਨਜ਼ਰ ਆ ਰਹੀ ਖ਼ੁਸ਼ਬੂ ਪਾਟਨੀ ਨੇ ਦੇਸ਼ ਦੀਆਂ ਕੁੜੀਆਂ ਨੂੰ ਆਪਣੀ ਸੁਰੱਖਿਆ ਖ਼ੁਦ ਕਰਨ ਦਾ ਹੋਕਾ ਦਿੱਤਾ ਹੈ।
ਬਿਹਾਰ ਦੇ ਜਮੂਈ ਵਿੱਚ ਇੱਕ ਨਾਬਾਲਗ ਲੜਕੀ ਨਾਲ ਹੋਈ ਛੇੜਛਾੜ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਇਸ ਵੀਡੀਓ ਵਿੱਚ ਖ਼ੁਸ਼ਬੂ ਨੇ ਆਖਿਆ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਲੜਕੀਆਂ ਨੂੰ ਪੂਰੀ ਤਰ੍ਹਾਂ ਦੂਜਿਆਂ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਸਲਾਹ ਦਿੱਤੀ ਕਿ ਸਾਰੀਆਂ ਕੁੜੀਆਂ ਨੂੰ ਆਪਣੇ ਨੇੜਲੇ ਸ਼ੂਟਿੰਗ ਰੇਂਜ ਵਿੱਚ ਜਾ ਕੇ ਪਿਸਤੌਲ ਚਲਾਉਣ ਦੀ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਆਤਮ-ਰੱਖਿਆ ਵਾਸਤੇ ਏਅਰ ਪਿਸਤੌਲ ਕੋਲ ਰੱਖਣੀ ਚਾਹੀਦੀ ਹੈ।