ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਇਸ ਸਾਲ ਜੁਲਾਈ ਵਿੱਚ ਲਏ ਫਾਰਮੇਸੀ ਅਫਸਰ ਦੇ ਇਮਤਿਹਾਨ ’ਚ ਕਥਿਤ ਔਨਲਾਈਨ ਨਕਲ ਵੱਜਣ ਦੇ ਮਾਮਲੇ ਦੀ ਪੜਤਾਲ ਫ਼ਰੀਦਕੋਟ ਪੁਲੀਸ 70 ਦਿਨਾਂ ਬਾਅਦ ਵੀ ਮੁਕੰਮਲ ਨਹੀਂ ਕਰ ਸਕੀ। ਪੁਲੀਸ ਵੱਲੋਂ ਹੁਣ ਤੱਕ ਅਦਾਲਤ ਵਿੱਚ ਪੇਸ਼ ਕੀਤੇ ਰਿਕਾਰਡ ਤੋਂ ਇਹ ਗੱਲ ਸਾਬਤ ਹੋਈ ਹੈ ਕਿ ਪੁਲੀਸ ਨੇ ਨਕਲ ਮਰਵਾਉਣ ਵਾਲੇ ਗਰੋਹ ਵੱਲੋਂ ਵਿਦਿਆਰਥੀਆਂ ਕੋਲੋਂ ਵਸੂਲੇ ਲੱਖਾਂ ਰੁਪਏ ਬਰਾਮਦ ਨਹੀਂ ਕੀਤੇ ਅਤੇ ਨਾ ਹੀ ਗਰੋਹ ਵੱਲੋਂ ਹਾਸਲ ਕੀਤੇ ਸਕਿਉਰਿਟੀ ਚੈੱਕ ਪੁਲੀਸ ਨੂੰ ਮਿਲੇ ਹਨ।
ਪੁਲੀਸ ਦੀ ਪੜਤਾਲ ਵਿਵਾਦਾਂ ਵਿੱਚ ਹੈ। ਇਸ ਕਰ ਕੇ ਪੀੜਤਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰ ਕੇ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਮਾਮਲੇ ਵਿੱਚ ਸੀ ਬੀ ਆਈ ਤੋਂ ਜਵਾਬ ਮੰਗਿਆ ਹੈ, ਜਿਸ ਦੀ ਸੁਣਵਾਈ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਫ਼ਰੀਦਕੋਟ ਪੁਲੀਸ ਵੱਲੋਂ ਨਕਲ ਕਾਂਡ ਵਿੱਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਜਸਕਰਨ ਸਿੰਘ, ਰਿੰਕੂ ਸਿੰਘ, ਗੁਰਪਿੰਦਰ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ, ਸਤਨਾਮ ਸਿੰਘ, ਗੌਰਵ ਚੌਹਾਨ, ਕੁਲਵਿੰਦਰ ਸਿੰਘ, ਲਵਪ੍ਰੀਤ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ, ਸੂਰਜ ਸਿੰਘ ਅਤੇ ਜਸਬੀਰ ਸਿੰਘ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਲਾਕਾ ਮੈਜਿਸਟਰੇਟ ਮਾਮਲੇ ਦੀ ਪੜਤਾਲ ਮੁਕੰਮਲ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ।