ਹੜ੍ਹ ਪੀੜ੍ਹਤ ਕਿਸਾਨਾਂ ਵੱਲੋਂ ਸ਼ਾਂਤਮਈ ਰੋਸ ਮਾਰਚ ਕੱਢਿਆ
ਮੱਖੂ, 25 ਨਵੰਬਰ,
ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਹੜ੍ਹ ਪੀੜਤ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਹਰੀਕੇ ਤੋਂ ਇੱਕ ਵੱਡੇ ਕਾਫਲੇ ਵਿੱਚ ਸ਼ਾਂਤਮਈ ਰੋਸ ਮਾਰਚ ਕਰਦੇ ਹੋਏ ਮੱਖੂ ਸਟੇਡੀਅਮ ਵਿੱਚ ਪਹੁੰਚੇ। ਸਟੇਡੀਅਮ ਵਿੱਚ ਹੜ੍ਹ ਪੀੜਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਜੇਕਰ ਚੋਣਾਂ ਲੜਣ ਵਾਲੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੀਆਂ ਹਨ ਤਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਹੜ੍ਹ ਪੀੜਤਾਂ ਦੀਆਂ ਮੰਗਾਂ ਨੂੰ ਸ਼ਾਮਿਲ ਕਰੇ ਕਿਉਂਕਿ ਹਰ ਵਾਰ ਪੰਜਾਬ ਦੇ ਕਿਸਾਨ ਹੜ੍ਹਾਂ ਦੀ ਭੇਟ ਚੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਹੜ੍ਹਾ ਦੀ ਮਾਰ ਤੋਂ ਦੁਖੀ ਹੋ ਕੇ ਆਪਣੀ ਆਵਾਜ਼ ਕੇਂਦਰ ਅਤੇ ਪੰਜਾਬ ਸਰਕਾਰ ਦੇ ਬੋਲੇ ਕੰਨਾਂ ਤੱਕ ਪਚਾਉਣ ਲਈ ਹਰ ਕਦਮ ਉਠਾਉਂਦਾ ਰਿਹਾ। ਹਰੀਕੇ ਹੈਂਡ 'ਤੇ ਭੁੱਖ ਹੜਤਾਲ ਰੱਖ ਕੇ ਮੌਜੂਦਾ ਸਰਕਾਰ ਨੂੰ ਵਾਸਤਾ ਪਾਇਆ ਕਿ ਸਾਡੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਸਾਨੂੰ ਵੱਡੀ ਰਾਹਤ ਦਿੱਤੀ ਜਾਵੇ ਪਰ ਸਰਕਾਰ ਹਰ ਵਾਰ ਬਹਾਨੇਬਾਜੀ ਬਣਾ ਕੇ ਝੂਠੇ ਲਾਰੇ ਲਾਉਂਦੀ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੜ੍ਹ ਪੀੜਤਾਂ ਦੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਵੱਡੇ ਸੰਘਰਸ਼ ਤੋਂ ਵੀ ਗੁਰੇਜ਼ ਨਹੀਂ ਕਰਾਂਗੇ। ਅੱਜ ਦੇ ਇਸ ਹੜ੍ਹ ਪੀੜਤਾਂ ਕਿਸਾਨਾਂ ਦੇ ਵੱਡੇ ਇਕੱਠ ਨੂੰ ਮਿਸਲ ਸਤਲੁਜ ਦੇ ਦਵਿੰਦਰ ਸਿੰਘ ਸੇਖੋ ਅਤੇ ਯੂਥ ਵਿੰਗ ਦੇ ਪ੍ਰਧਾਨ ਗੁਰਮਨ ਸਿੰਘ ਗਿੱਲ, ਜੀਰਾ ਮੋਰਚਾ ਦੇ ਰੋਬਨ ਸਿੰਘ ਬਰਾੜ ਵੱਲੋਂ ਵੀ ਸਮਰਥਨ ਦਿੱਤਾ ਗਿਆ। ਇਸ ਮੌਕੇ ਜਸਬੀਰ ਸਿੰਘ ਆਹਲੂਵਾਲੀਆ ਸੂਬਾ ਪ੍ਰਧਾਨ ਤੋਂ ਇਲਾਵਾ ਸਤਲੁਜ ਮਿਸਲ ਦੇ ਦਵਿੰਦਰ ਸਿੰਘ ਸੇਖੋ, ਗੁਰਮਨ ਸਿੰਘ ਗਿੱਲ, ਰੋਬਨ ਬਰਾੜ, ਸੁਖਵੰਤ ਸਿੰਘ ਗਿੱਲ ਸੂਬਾ ਖਜਾਨਚੀ, ਕੁਲਦੀਪ ਸਿੰਘ ਜਨਰਲ ਸਕੱਤਰ, ਜਜਵਿੰਦਰ ਸਿੰਘ ਕੋਰ ਕਮੇਟੀ ਮੈਂਬਰ, ਸੁਖਵਿੰਦਰ ਸਿੰਘ ਭਗਾਲਾ, ਪ੍ਰਧਾਨ ਰਸ਼ਪਾਲ ਸਿੰਘ ਧੁੰਦਾ ਤਰਨਤਾਰਨ, ਗੁਰਜੀਤ ਸਿੰਘ ਗਿੱਲ ਮੀਤ ਪ੍ਰਧਾਨ, ਪਲਵਿੰਦਰ ਸਿੰਘ ਕੋਰ ਕਮੇਟੀ, ਸ਼ਮਸ਼ੇਰ ਸਿੰਘ ਕੋਰ ਕਮੇਟੀ, ਬਲਵਿੰਦਰ ਸਿੰਘ ਕੋਰ ਕਮੇਟੀ, ਪਰਮਜੀਤ ਸਿੰਘ ਮਨੂਮਾਛੀ ਇਕਾਈ ਪ੍ਰਧਾਨ, ਗੁਰਮੇਲ ਸਿੰਘ, ਕਰਨੈਲ ਸਿੰਘ ਜੋਨ ਪ੍ਰਧਾਨ ਕੋਟ ਬੁੱਢਾ, ਗੁਲਜਾਰ ਸਿੰਘ, ਸਾਹਿਬ ਸਿੰਘ ਘੜਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੜ੍ਹ ਪੀੜਤ ਕਿਸਾਨਾਂ ਨੇ ਸਹਿਯੋਗ ਦਿੱਤਾ।