ਅਕਾਲੀ-ਭਾਜਪਾ ਗੱਠਜੋੜ ਦੀ ਸੀਟ ਵੰਡ ਤੋਂ ਪਹਿਲਾਂ ਭਾਜਪਾ ਦੀ ਫਰੀਦਕੋਟ ’ਚ ਸਿਆਸੀ ਸਰਗਰਮੀ ਚਰਚਾ ਦਾ ਵਿਸ਼ਾ ਬਣੀ।
ਫਰੀਦਕੋਟ, 25 ਨਵੰਬਰ,
ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਫਰੀਦਕੋਟ ਵਿਧਾਨ ਸਭਾ ਹਲਕਾ ਭਾਜਪਾ ਦੇ ਹਿੱਸੇ ਆਉਣ ਦੀਆਂ ਸੰਭਾਵਨਾਵਾਂ ਨੇ ਜ਼ੋਰ ਫੜ ਲਿਆ ਹੈ। ਇਸ ਸਿਆਸੀ ਚਰਚਾ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਭਾਜਪਾ ਦੀ ਕੇਂਦਰੀ ਤੇ ਪੰਜਾਬ ਲੀਡਰਸ਼ਿਪ ਨੇ ਅਚਾਨਕ ਫਰੀਦਕੋਟ ਪਹੁੰਚ ਕੇ ਜ਼ਿਲ੍ਹਾ ਪੱਧਰੀ ਜਥੇਬੰਦਕ ਮੀਟਿੰਗ ਕੀਤੀ। ਖ਼ਾਸ ਗੱਲ ਇਹ ਰਹੀ ਕਿ ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸਨੀ ਬਰਾੜ ਦੇ ਘਰ ਹੋਈ, ਜਿਸ ਵਿੱਚ ਪਾਰਟੀ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਸਿਆਸੀ ਮਾਹਰ ਇਸ ਸਰਗਰਮੀ ਨੂੰ ਫਰੀਦਕੋਟ ਵਿੱਚ ਭਾਜਪਾ ਦੀ ਸੰਭਾਵੀ ਚੋਣ ਰਣਨੀਤੀ ਨਾਲ ਜੋੜ ਕੇ ਦੇਖ ਰਹੇ ਹਨ। ਪੰਜਾਬ ਦੇ ਸੰਗਠਨ ਮੰਤਰੀ ਸ੍ਰੀਨਿਵਾਸਲੂ, ਜਨਰਲ ਸਕੱਤਰ ਜੀਵਨ ਗਰਗ ਅਤੇ ਜ਼ਿਲ੍ਹਾ ਇੰਚਾਰਜ ਮੋਨਾ ਜੈਸਵਾਲ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਹਲਕਿਆਂ ਦੇ ਸੰਗਠਨਾਤਮਕ ਕੰਮਾਂ ਦੀ ਸਮੀਖਿਆ ਕੀਤੀ ਗਈ। ਆਉਣ ਵਾਲੀਆਂ ਚੋਣਾਂ ਦੀ ਤਿਆਰੀ, ਬੂਥ ਪੱਧਰ ’ਤੇ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਅਤੇ ਵਰਕਰਾਂ ਨੂੰ ਸਰਗਰਮ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਪੰਜਾਬ ਪੱਧਰੀ ਆਗੂਆਂ ਦਾ ਇਸ ਤਰ੍ਹਾਂ ਫਰੀਦਕੋਟ ਪਹੁੰਚਣਾ ਅਤੇ ਚੋਣਾਂ ਨੂੰ ਮੁੱਖ ਏਜੰਡਾ ਬਣਾਉਣਾ ਆਪਣੇ ਆਪ ਵਿੱਚ ਸਿਆਸੀ ਮਹੱਤਤਾ ਰੱਖਦਾ ਹੈ।
ਜ਼ਿਲ੍ਹਾ ਪ੍ਰਧਾਨ ਵਜੋਂ ਸੰਦੀਪ ਸਿੰਘ ਸਨੀ ਬਰਾੜ ਦੇ ਕਾਰਜਕਾਲ ਦੌਰਾਨ ਭਾਜਪਾ ਦੀਆਂ ਸਰਗਰਮੀਆਂ ਵਿੱਚ ਆਈ ਤੇਜ਼ੀ ਨੂੰ ਵੀ ਇਸ ਸਿਆਸੀ ਸਮੀਕਰਨ ਦਾ ਅਹਿਮ ਪੱਖ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਸੰਗਠਨ ਨੂੰ ਸਰਗਰਮ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਬੂਥ ਪੱਧਰ ’ਤੇ ਪਾਰਟੀ ਦਾ ਆਧਾਰ ਮਜ਼ਬੂਤ ਕਰਨ, ਪੁਰਾਣੇ ਵਰਕਰਾਂ ਨੂੰ ਨਾਲ ਜੋੜਨ ਅਤੇ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਉਨ੍ਹਾਂ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ। ਸਨੀ ਬਰਾੜ ਦੀ ਖ਼ਾਸੀਅਤ ਇਹ ਵੀ ਮੰਨੀ ਜਾ ਰਹੀ ਹੈ ਕਿ ਉਹ ਕਿਸੇ ਵੱਡੇ ਸਿਆਸੀ ਦਾਅਵੇ ਜਾਂ ਬਿਆਨਬਾਜ਼ੀ ਦੀ ਬਜਾਏ ਜਥੇਬੰਦਕ ਕੰਮ ਨੂੰ ਤਰਜੀਹ ਦੇ ਰਹੇ ਹਨ। ਇਸੇ ਕਾਰਨ ਫਰੀਦਕੋਟ ਹਲਕੇ ਤੋਂ ਭਾਜਪਾ ਦੀ ਸੰਭਾਵੀ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚ ਉਨ੍ਹਾਂ ਦਾ ਨਾਂ ਉਭਰ ਕੇ ਸਾਹਮਣੇ ਆ ਰਿਹਾ ਹੈ।
ਸਿਆਸੀ ਤੌਰ ’ਤੇ ਭਾਵੇਂ ਦੋਵਾਂ ਪਾਰਟੀਆਂ ਵੱਲੋਂ ਅਜੇ ਤੱਕ ਸੀਟਾਂ ਦੀ ਵੰਡ ਦਾ ਕੋਈ ਅਧਿਕਾਰਤ ਫਾਰਮੂਲਾ ਜਨਤਕ ਨਹੀਂ ਕੀਤਾ ਗਿਆ, ਪਰ ਫਰੀਦਕੋਟ ਵਿੱਚ ਭਾਜਪਾ ਦੀਆਂ ਵਧਦੀਆਂ ਸਰਗਰਮੀਆਂ ਕਈ ਸਿਆਸੀ ਸੰਕੇਤ ਦੇ ਰਹੀਆਂ ਹਨ।
ਸਨੀ ਬਰਾੜ ਦੇ ਘਰ ਪੰਜਾਬ ਪੱਧਰੀ ਲੀਡਰਸ਼ਿਪ ਦੀ ਮੀਟਿੰਗ ਚੋਣ ਰਣਨੀਤੀ ’ਤੇ ਚਰਚਾ ਨੇ ਇਹ ਸਵਾਲ ਹੋਰ ਪ੍ਰਸੰਗਿਕ ਬਣਾ ਦਿੱਤਾ ਹੈ ਕਿ ਕੀ ਭਾਜਪਾ ਫਰੀਦਕੋਟ ਸੀਟ ਨੂੰ ਆਪਣੇ ਹਿੱਸੇ ਲੈਣ ਦੀ ਤਿਆਰੀ ਕਰ ਰਹੀ ਹੈ।
ਫਿਲਹਾਲ ਸੀਟਾਂ ਦੀ ਵੰਡ ਅਤੇ ਉਮੀਦਵਾਰ ਬਾਰੇ ਕੋਈ ਅਧਿਕਾਰਤ ਫੈਸਲਾ ਸਾਹਮਣੇ ਨਹੀਂ ਆਇਆ, ਪਰ ਇੱਕ ਗੱਲ ਸਪੱਸ਼ਟ ਹੈ ਕਿ ਫਰੀਦਕੋਟ ਦੀ ਸਿਆਸਤ ਵਿੱਚ ਭਾਜਪਾ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ ਅਤੇ ਸਨੀ ਬਰਾੜ ਇਸ ਸਿਆਸੀ ਸਰਗਰਮੀ ਦੇ ਕੇਂਦਰ ਵਿੱਚ ਨਜ਼ਰ ਆ ਰਹੇ ਹਨ।