ਦੇਸ਼ ਭਰ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਟੀਮਾਂ ਲੈਣਗੀਆਂ ਭਾਗ—ਸ.ਅਮਨਪ੍ਰੀਤ ਸਿੰਘ ਮੱਲ੍ਹੀ
ਫਰੀਦਕੋਟ 23 ਨਵੰਬਰ ,
52ਵੀਂ ਜੂਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ (ਲੜਕੀਆਂ) ਮਿਤੀ 26 ਨਵੰਬਰ 2026 ਤੋਂ 29 ਨਵੰਬਰ 2026 ਤੱਕ ਸਵ. ਗੁਰਦੀਪ ਸਿੰਘ ਮੱਲ੍ਹੀ ਯਾਦਗਾਰੀ ਕਬੱਡੀ ਹਾਲ, ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਈ ਜਾ ਰਹੀ ਹੈ।ਇਸ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਸਮੂਹ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮਹਿਲਾ ਕਬੱਡੀ ਖਿਡਾਰਨਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੈਂਪੀਅਨਸ਼ਿਪ ਦੇ ਆਰਗੇਨਾਈਜ਼ਿੰਗ ਸਕੱਤਰ ਅਤੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਅਮਨਪ੍ਰੀਤ ਸਿੰਘ ਮੱਲ੍ਹੀ ਜੀ ਨੇ ਦੱਸਿਆ ਕਿ ਇਸ ਵਕਾਰੀ ਰਾਸ਼ਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨਾ ਫ਼ਰੀਦਕੋਟ ਲਈ ਮਾਣ ਵਾਲੀ ਗੱਲ ਹੈ। ਇਸ ਨਾਲ ਜਿੱਥੇ ਦੇਸ਼ ਭਰ ਦੀਆਂ ਪ੍ਰਤਿਭਾਸ਼ਾਲੀ ਖਿਡਾਰਨਾਂ ਨੂੰ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ, ਉੱਥੇ ਹੀ ਪੰਜਾਬ ਦੀ ਖੇਡ ਅਤੇ ਕਬੱਡੀ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਵੀ ਰਾਸ਼ਟਰੀ ਪੱਧਰ *ਤੇ ਪ੍ਰਗਟ ਕਰਨ ਦਾ ਮੌਕਾ ਮਿਲੇਗਾ। ਉਹਨਾਂ ਦੱਸਿਆ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਗੁਰਲਾਲ ਸਿੰਘ ਘਨੌਰ ਅਤੇ ਜਨਰਲ ਸਕੱਤਰ ਸ. ਤਜਿੰਦਰ ਸਿੰਘ ਮਿੱਡੂਖੇੜਾ ਦੀ ਅਗਵਾਈ ਅਤੇ ਰਹਿਨੁਮਾਈ ਹੇਠ ਚੈਂਪੀਅਨਸ਼ਿਪ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।ਇਸੇ ਤਰ੍ਹਾਂ ਜ਼ਿਲ੍ਹਾ ਫ਼ਰੀਦਕੋਟ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਸਮੁੱਚੀ ਟੀਮ ਵੱਲੋਂ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਦਿਨ—ਰਾਤ ਮਿਹਨਤ ਕੀਤੀ ਜਾ ਰਹੀ ਹੈ। ਸ. ਮੱਲ੍ਹੀ ਜੀ ਨੇ ਦੱਸਿਆ ਕਿ ਇਸ ਰਾਸ਼ਟਰੀ ਪੱਧਰ ਦੇ ਖੇਡ ਆਯੋਜਨ ਨੂੰ ਸਫ਼ਲ ਬਣਾਉਣ ਲਈ ਪਿਛਲੇ ਕਈ ਦਿਨਾਂ ਤੋਂ ਪ੍ਰਬੰਧਕੀ ਟੀਮ ਦੇ ਮੈਂਬਰ ਲਗਾਤਾਰ ਮਿਹਨਤ ਕਰ ਰਹੇ ਹਨ।ਇਹਨਾਂ ਵਿੱਚ ਸ. ਅਮਨਦੀਪ ਸਿੰਘ ਪ੍ਰਿੰਸੀਪਲ, ਸ. ਅੰਮ੍ਰਿਤਪਾਲ ਸਿੰਘ, ਸ. ਸੁਖਵੀਰ ਸਿੰਘ, ਸ. ਮਨਜੀਤ ਸਿੰਘ, ਸ. ਰਾਮ ਸਿੰਘ, ਸ. ਲਾਲਜੀਤ ਸਿੰਘ, ਸ. ਅੰਗਰੇਜ ਸਿੰਘ, ਸ. ਗੁਰਬਾਜ ਸਿੰਘ, ਸ. ਗੁਰਸੇਵਕ ਸਿੰਘ, ਸ਼੍ਰੀ ਰਜਿੰਦਰ ਸਿੰਘ,ਸ. ਹਰਪ੍ਰੀਤ ਸਿੰਘ, ਸ. ਬਲਕਰਨ ਸਿੰਘ, ਸ. ਵਰਿੰਦਰ ਸਿੰਘ, ਸ. ਚਰਨਪ੍ਰੀਤ ਸਿੰਘ, ਸ. ਸਵਰਨ ਸਿੰਘ, ਪ੍ਰਮੋਦ ਧੀਰ ਅਤੇ ਹੋਰ ਸਹਿਯੋਗੀ ਸ਼ਾਮਿਲ ਹਨ।ਇਹਨਾਂ ਵੱਲੋਂ ਖਿਡਾਰਨਾਂ ਦੀ ਰਿਹਾਇਸ਼, ਖਾਣ—ਪੀਣ, ਆਵਾਜਾਈ, ਖੇਡ ਮੈਦਾਨਾਂ ਦੀ ਤਿਆਰੀ, ਸੁਰੱਖਿਆ, ਮੈਡੀਕਲ ਸਹੂਲਤਾਂ ਅਤੇ ਹੋਰ ਜਰੂਰੀ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਵੱਖ—ਵੱਖ ਸੂਬਿਆਂ ਤੋਂ ਪਹੁੰਚਣ ਵਾਲੀਆਂ ਖਿਡਾਰਨਾਂ, ਕੋਚਾਂ ਅਤੇ ਅਧਿਕਾਰੀਆਂ ਦਾ ਫ਼ਰੀਦਕੋਟ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ।ਪ੍ਰਬੰਧਕਾਂ ਵੱਲੋਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੀਆਂ ਖਿਡਾਰਨਾਂ ਅਤੇ ਅਧਿਕਾਰੀਆਂ ਨੂੰ ਵਧੀਆ ਖੇਡ ਦਾ ਮਾਹੌਲ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ । ਅੰਤ ਵਿੱਚ ਸ. ਅਮਨਪ੍ਰੀਤ ਸਿੰਘ ਮੱਲ੍ਹੀ ਨੇ ਸਮੂਹ ਖੇਡ ਪ੍ਰੇਮੀਆਂ, ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਸ਼ਟਰੀ ਪੱਧਰ ਦੇ ਖੇਡ ਸਮਾਗਮ ਨੂੰ ਸਫ਼ਲ ਬਣਾਉਣ ਲਈ ਵੱਧ—ਚੜ੍ਹ ਕੇ ਸਹਿਯੋਗ ਦੇਣ ਅਤੇ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕਰਨ।