ਹੀਰੋੰ ਖ਼ੁਰਦ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ ਵਿਖੇ 'ਆਰ.ਏ.ਏ. ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ 2026' ਕਰਵਾਇਆ ਜਿਸ ਵਿੱਚ ਮਾਨਸਾ ਜ਼ਿਲ੍ਹੇ ਦੇ 5 ਵੱਖ-ਵੱਖ ਬਲਾਕਾਂ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਵਿਗਿਆਨਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਮਾਨਸਾ ਨੀਲਮ ਰਾਣੀ,ਡਿਪਟੀ ਡੀ.ਈ.ਓ. ਡਾ. ਪਰਮਜੀਤ ਸਿੰਘ ਅਤੇ ਬੀ.ਐਨ.ਓ. ਮਾਨਸਾ ਕੁਲਦੀਪ ਸਿੰਘ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।ਇਹ ਵਿਗਿਆਨਕ ਮੁਕਾਬਲਾ ਬੇਹੱਦ ਰੌਚਕ ਅਤੇ ਬਾਰੀਕੀ ਭਰਿਆ ਸੀ। ਮੁਕਾਬਲੇ ਦੀ ਸ਼ੁਰੂਆਤ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਲਿਖਤੀ ਟੈਸਟ ਨਾਲ਼ ਹੋਈ। ਪੇਸ਼ਕਾਰੀ ਤੋਂ ਬਾਅਦ ਮੌਖਿਕ ਪ੍ਰਸ਼ਨਾਵਲੀ ਦਾ ਦੌਰ ਚੱਲਿਆ, ਜਿਸ ਵਿੱਚ ਜੱਜਾਂ ਵੱਲੋਂ ਹਰੇਕ ਉਮੀਦਵਾਰ ਤੋਂ 3 ਸਵਾਲ ਪੁੱਛੇ ਗਏ।ਮੁਕਾਬਲੇ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਨਤੀਜੇ ਤਿਆਰ ਕਰਨ ਲਈ ਜੱਜਾਂ ਦੀ ਅਹਿਮ ਭੂਮਿਕਾ ਨੇਮਪਾਲ ਕੌਰ ਫਿਜ਼ਿਕਸ ਲੈਕਚਰਾਰ, ਵਿਪਿਨ ਗੋਇਲ ਫਿਜ਼ਿਕਸ ਲੈਕਚਰਾਰ ਅਤੇ ਜਸਕੀਰਤ ਸਿੰਘ ਸਾਇੰਸ ਮਾਸਟਰ ਵੱਲੋਂ ਬਾਖ਼ੂਬੀ ਨਿਭਾਈ ਗਈ।ਮੁਕਾਬਲੇ ਦੇ ਅੰਤ ਵਿੱਚ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਸਕੂਲਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਕਪ੍ਰੀਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਢੂ ਕਲਾਂ ਨੇ ਪਹਿਲਾ, ਅਨਮੋਲ ਕੌਰ, ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਨੇ ਦੂਜਾ ਅਤੇ ਗੁਰਸੇਵਕ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤਲਾ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ। ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਸਥਾਨ ਹਾਸਲ ਕਰਨ ਵਾਲੇ ਸਾਰੇ ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ, ਜੱਜਾਂ ਅਤੇ ਪ੍ਰਬੰਧਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਬਦਲੇ ਸਰਟੀਫਿਕੇਟ ਵੰਡੇ।ਸਮਾਗਮ ਦੀ ਅਗਵਾਈ ਅਤੇ ਸੁਚੱਜਾ ਪ੍ਰਬੰਧ ਆਰ.ਏ.ਏ. ਨੋਡਲ ਅਫ਼ਸਰ ਮਾਨਸਾ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪ੍ਰਬੰਧਕੀ ਕਮੇਟੀ ਮੈਂਬਰਾਂ ਵਿੱਚ ਵਿਜੇ ਕੁਮਾਰ ਸਾਇੰਸ ਮਾਸਟਰ, ਵਿਸ਼ਾਲ ਬਾਂਸਲ ਅਤੇ ਰੋਹਿਤ ਬਾਂਸਲ ਸਾਇੰਸ ਮਾਸਟਰ ਨੇ ਆਪਣਾ ਪੂਰਨ ਸਹਿਯੋਗ ਦਿੱਤਾ।
RAA ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ 2026 ਕਰਵਾਇਆ