50 ਮਕਾਨਾਂ ਦੀ ਸੂਚੀ ਵਿੱਚ ਸ਼ਾਮਲ ਲੋਕਾਂ ਦੇ ਘਰ ਪਹਿਲਾਂ ਤੋਂ ਪੱਕੇ ਹੋਣ ਦਾ ਦਾਅਵਾ
ਪੀੜਤ ਲੋਕਾਂ ਨੇ ਡੀ ਸੀ ਫਿਰੋਜ਼ਪੁਰ ਨੂੰ ਸਿ਼ਕਾਇਤ ਲਿਖ ਉੱਚ ਪੱਧਰੀ ਜਾਂਚ ਕਰਵਾਉਣ ਦੀ ਕੀਤੀ ਮੰਗ
ਗੁਰੂਹਰਸਹਾਏ 11 ਅਕਤੂਬਰ ,
ਜ਼ਿਲ੍ਹਾ ਫਿਰੋਜ਼ਪੁਰ ਦੇ ਇਤਿਹਾਸਕ ਪਿੰਡ ਜੀਵਾਂ ਅਰਾਈਂ ਵਿਖੇ ਕੇਂਦਰ ਸਰਕਾਰ ਦੀ ‘ਪ੍ਰਧਾਨ ਮੰਤਰੀ ਅਵਾਸ ਯੋਜਨਾ’ ਤਹਿਤ ਆਈ 50 ਪੱਕੇ ਮਕਾਨਾਂ ਦੀ ਲਿਸਟ ਨੂੰ ਲੈ ਕੇ ਮੁੱਦਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਪਿੰਡ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਵੱਲੋਂ ਮੌਜੂਦਾ ਸਰਪੰਚ ਅਤੇ ਪ੍ਰਸ਼ਾਸਨ ਖਿਲਾਫ਼ ਪੱਖਪਾਤ ਕਰਨ ਦੇ ਦੋਸ਼ ਲਗਾਏ ਗਏ ਹਨ।
ਪਿੰਡ ਦੇ ਗਰੀਬ ਜ਼ਰੂਰਤਮੰਦ ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਰਸੂਖ ਦੇ ਚਲਦਿਆਂ ਹੱਕਦਾਰਾਂ ਦਾ ਹੱਕ ਮਾਰ ਕੇ ਅਮੀਰਾਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ।
•ਲੋੜਵੰਦਾਂ ਨੂੰ ਅੱਖੋਂ ਪਰੋਖੇ ਕਰਕੇ ਕਰੀਬੀਆਂ ਨੂੰ ਦਿੱਤਾ ਲਾਭ
ਪਿੰਡ ਦੇ ਜ਼ਰੂਰਤਮੰਦ ਵਾਸੀਆਂ ਨੇ ਇਕੱਠੇ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੀਵਾਂ ਅਰਾਈਂ ਪਿੰਡ ਵਿੱਚ ਗਰੀਬ ਅਤੇ ਮਜ਼ਦੂਰ ਪਰਿਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੋ ਅੱਜ ਵੀ ਬਾਲਿਆ ਵਾਲੇ ਮਕਾਨਾਂ ਵਿੱਚ ਰਹਿਣ ਲਈ ਮਜਬੂਰ ਹਨ।
ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਮੁੱਖ ਮਕਸਦ ਇਨ੍ਹਾਂ ਸਿਰ-ਢਕਣ ਤੋਂ ਮੁਥਾਜ ਲੋਕਾਂ ਨੂੰ ਛੱਤ ਮੁਹੱਈਆ ਕਰਵਾਉਣਾ ਸੀ। ਪਰ ਪਿੰਡ ਵਿੱਚ ਜਾਰੀ ਹੋਈ 50 ਮਕਾਨਾਂ (ਕਲੋਨੀਆਂ) ਦੀ ਤਾਜ਼ਾ ਸੂਚੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ ਜ਼ਿਆਦਾਤਰ ਉਨ੍ਹਾਂ ਲੋਕਾਂ ਦੇ ਨਾਮ ਦਰਜ ਹਨ, ਜਿੰਨਾ ਦੇ ਪਹਿਲਾਂ ਤੋਂ ਹੀ ਵਧੀਆ ਪੱਕੇ ਮਕਾਨ ਬਣੇ ਹੋਏ ਹਨ ਅਤੇ ਇੰਨਾ ਵਿਚ ਕਈ ਲੋਕਾਂ ਨੂੰ ਤਾਂ ਪਹਿਲਾਂ ਤੋ ਹੀ ਦੋ ਦੋ ਕਲੋਨੀਆਂ ਮਿਲ ਚੁੱਕੀਆਂ ਹਨ।
• ਕੀ ਪਿੰਡ ਦੀ ਪੰਚਾਇਤ ਵੱਲੋਂ ਗਰੀਬਾਂ ਨਾਲ ਕੀਤਾ ਗਿਆ ਪੱਖਪਾਤ ?
ਪੱਕੀਆਂ ਛੱਤਾਂ ਵਾਲੇ ਮਕਾਨਾਂ ਵਾਲੀ ਲਿਸਟ ਵਿਚ ਨਾਮ ਨਾ ਆਉਣ ਤੋਂ ਬਾਅਦ ਗਰੀਬ ਜ਼ਰੂਰਤਮੰਦ ਪਰਿਵਾਰਾਂ ਵਿਚ ਭਾਰੀ ਨਿਰਾਸ਼ਾ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਦੋਸ਼ ਲਗਾਇਆ ਕਿ ਮੋਜੂਦਾ ਸਰਪੰਚ ਵੱਲੋਂ ਵੱਲੋਂ ਆਪਣੇ ਕਰੀਬੀਆਂ ਅਤੇ ਆਰਥਿਕ ਪੱਖੋਂ ਮਜ਼ਬੂਤ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਮਿਲੀ ਭੁਗਤ ਨਾਲ ਗਰੀਬਾਂ ਦੇ ਨਾਮ ਲਿਸਟ ਵਿੱਚੋਂ ਗਾਇਬ ਕਰ ਦਿੱਤੇ ਗਏ।
ਗਰੀਬ ਪਰਿਵਾਰਾਂ ਨੇ ਕਿਹਾ, "ਜੇਕਰ ਸਰਕਾਰੀ ਯੋਜਨਾਵਾਂ ਦਾ ਲਾਭ ਵੀ ਸਿਰਫ਼ ਅਮੀਰਾਂ ਅਤੇ ਸਿਆਸੀ ਪਹੁੰਚ ਵਾਲਿਆਂ ਨੂੰ ਹੀ ਮਿਲਣਾ ਹੈ, ਤਾਂ ਸਾਡੇ ਵਰਗੇ ਦਿਹਾੜੀਦਾਰਾਂ ਦਾ ਰੱਬ ਹੀ ਰਾਖਾ ਹੈ।"
•ਉੱਚ ਅਧਿਕਾਰੀਆਂ ਤੋਂ ਜਾਂਚ ਅਤੇ ਲਿਸਟ ਰੱਦ ਕਰਨ ਦੀ ਮੰਗ
ਇਸ ਮੌਕੇ ਇਕੱਤਰ ਹੋਏ ਗਰੀਬ ਜ਼ਰੂਰਤਮੰਦ ਪਰਿਵਾਰਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸਿ਼ਕਾਇਤ ਲਿਖ ਦੇ ਕੇ ਮੰਗ ਕੀਤੀ ਹੈ ਕਿ ਜਾਰੀ ਕੀਤੀ ਗਈ ਇਸ 50 ਮਕਾਨਾਂ ਦੀ ਲਿਸਟ ਦੀ ਤੁਰੰਤ ਬਾਰੀਕੀ ਨਾਲ ਨਿਰਪੱਖ ਜਾਂਚ ਕਰਵਾਈ ਜਾਵੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਲਿਸਟ ਵਿਚ ਨਜਾਇਜ਼ ਨਾਮ ਕੱਟ ਕੇ ਅਸਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਨਾ ਦਿੱਤਾ ਗਿਆ, ਤਾਂ ਉਹ ਪ੍ਰਸ਼ਾਸਨ ਦੇ ਖਿਲਾਫ਼ ਵੱਡੇ ਪੱਧਰ ’ਤੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।