ਅੰਮ੍ਰਿਤਸਰ, 22 ਨਵੰਬਰ,
ਪੀੜਤ ਨੂੰ ਇਨਸਾਫ਼ ਦਿਵਾਉਣ ਅਤੇ ਕਾਨੂੰਨ ਦੇ ਰਾਜ ਨੂੰ ਮਜ਼ਬੂਤ ਕਰਨ ਵਾਲੇ ਇੱਕ ਅਹਿਮ ਫ਼ੈਸਲੇ ਵਿੱਚ, ਮਾਣਯੋਗ ਸੈਸ਼ਨ ਜੱਜ ਸ੍ਰੀਮਤੀ ਜਤਿੰਦਰ ਕੌਰ ਦੀ ਅਦਾਲਤ, ਅੰਮ੍ਰਿਤਸਰ ਵੱਲੋਂ ਸਨੈਚਿੰਗ ਦੇ ਇੱਕ ਮਾਮਲੇ ਵਿੱਚ ਦੋ ਦੋਸ਼ੀਆਂ, ਜਿਨ੍ਹਾਂ ਵਿੱਚ ਸੰਨੀ ਦਿਓਲ ਉਰਫ਼ ਸੰਨੀ ਅਤੇ ਰੋਬਿਨਜੀਤ ਸਿੰਘ ਸ਼ਾਮਲ ਹਨ, ਨੂੰ 10-10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਜੰਡਿਆਲਾ ਗੁਰੂ ਵਿਖੇ ਇੱਕ ਮਹਿਲਾ ਦਾ ਚਾਕੂ ਦੀ ਨੋਕ 'ਤੇ ਪਰਸ ਖੋਹਣ ਨਾਲ ਸਬੰਧਤ ਹੈ।
ਇਹ ਘਟਨਾ 11 ਫਰਵਰੀ, 2024 ਨੂੰ ਵਾਪਰੀ ਸੀ, ਜਦੋਂ ਮਨਜੀਤ ਕੌਰ ਆਪਣੇ ਪੁੱਤਰ ਹੀਰਾ ਸਿੰਘ ਨਾਲ ਜੰਡਿਆਲਾ ਗੁਰੂ ਵਿਖੇ ਜੈਨ ਮੰਦਰ ਦੇ ਨੇੜੇ ਪੈਦਲ ਜਾ ਰਹੀ ਸੀ। ਇਸ ਦੌਰਾਨ ਸਕੂਟਰ 'ਤੇ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਇੱਕ ਹਮਲਾਵਰ ਨੇ ਤੇਜ਼ਧਾਰ ਹਥਿਆਰ (ਕਿਰਚ) ਦਿਖਾ ਕੇ ਮਨਜੀਤ ਕੌਰ ਨੂੰ ਡਰਾਇਆ-ਧਮਕਾਇਆ ਅਤੇ ਉਸ ਦਾ ਪਰਸ ਖੋਹ ਲਿਆ, ਜਿਸ ਵਿੱਚ ਇੱਕ ਆਈਫੋਨ, 3,000 ਰੁਪਏ ਨਕਦ ਅਤੇ ਐਨਕਾਂ ਸਨ।
ਜਾਂਚ ਦੌਰਾਨ ਪੁਲਿਸ ਵੱਲੋਂ ਸੰਨੀ ਦਿਓਲ ਉਰਫ਼ ਸੰਨੀ ਅਤੇ ਰੋਬਿਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵਾਰਦਾਤ ਵਿੱਚ ਵਰਤੀ ਗਈ ਕਿਰਚ ਅਤੇ ਚੋਰੀ ਦਾ ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਕੂਟਰ ਕਿਸੇ ਹੋਰ ਵਿਅਕਤੀ ਦੇ ਨਾਮ 'ਤੇ ਸੀ ਅਤੇ ਇਸ ਦੀ ਵਰਤੋਂ ਜਾਅਲੀ ਨੰਬਰ ਪਲੇਟ ਲਗਾ ਕੇ ਕੀਤੀ ਜਾ ਰਹੀ ਸੀ। ਖੋਹਿਆ ਗਿਆ ਆਈਫੋਨ ਬਾਅਦ ਵਿੱਚ ਇਸ ਮਾਮਲੇ ਦੇ ਸਹਿ-ਦੋਸ਼ੀ ਸੋਨੂੰ ਸਿੰਘ ਉਰਫ਼ ਮੁਰਲੀ ਕੋਲੋਂ ਬਰਾਮਦ ਕੀਤਾ ਗਿਆ, ਜਿਸ ਨੂੰ ਭਗੌੜਾ ਅਪਰਾਧੀ (ਪ੍ਰੋਕਲੇਮਡ ਆਫੈਂਡਰ) ਕਰਾਰ ਦਿੱਤਾ ਜਾ ਚੁੱਕਾ ਹੈ।
ਮੁਕੱਦਮੇ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਵੱਲੋਂ ਸ਼ਿਕਾਇਤਕਰਤਾ, ਪੀੜਤਾ, ਪੁਲਿਸ ਅਧਿਕਾਰੀਆਂ ਅਤੇ ਚੋਰੀ ਦੇ ਸਕੂਟਰ ਦੀ ਮਾਲਕੀ ਤੇ ਰਜਿਸਟ੍ਰੇਸ਼ਨ ਨਾਲ ਸਬੰਧਤ ਗਵਾਹਾਂ ਸਮੇਤ ਕੁੱਲ ਅੱਠ ਗਵਾਹਾਂ ਦੇ ਬਿਆਨ ਦਰਜ ਕਰਵਾਏ ਗਏ। ਮੌਖਿਕ ਅਤੇ ਦਸਤਾਵੇਜ਼ੀ ਸਬੂਤਾਂ ਦੀ ਬਾਰੀਕੀ ਨਾਲ ਘੋਖ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਸ਼ਿਕਾਇਤਕਰਤਾ ਅਤੇ ਪੀੜਤਾ ਦੀ ਗਵਾਹੀ ਨੂੰ ਭਰੋਸੇਯੋਗ ਮੰਨਦਿਆਂ ਕਿਹਾ ਕਿ ਇਸਤਗਾਸਾ ਪੱਖ ਦੋਵਾਂ ਦੋਸ਼ੀਆਂ ਵਿਰੁੱਧ ਦੋਸ਼ ਬਿਨਾਂ ਕਿਸੇ ਵਾਜਬ ਸ਼ੱਕ ਦੇ ਸਾਬਤ ਕਰਨ ਵਿੱਚ ਸਫ਼ਲ ਰਿਹਾ ਹੈ।
ਅਦਾਲਤ ਵੱਲੋਂ ਐੱਫ.ਆਈ.ਆਰ. ਦਰਜ ਕਰਵਾਉਣ ਵਿੱਚ ਹੋਈ ਦੇਰੀ, ਸੁਤੰਤਰ ਗਵਾਹਾਂ ਦੀ ਗੈਰ-ਮੌਜੂਦਗੀ, ਸ਼ਨਾਖ਼ਤ ਪਰੇਡ ਨਾ ਕਰਵਾਉਣ ਅਤੇ ਇਸਤਗਾਸਾ ਪੱਖ ਦੇ ਸਬੂਤਾਂ ਵਿੱਚ ਕਥਿਤ ਵਿਰੋਧਾਭਾਸ ਸਬੰਧੀ ਬਚਾਅ ਪੱਖ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਗਿਆ।
ਇਸ ਅਨੁਸਾਰ ਦੋਵਾਂ ਦੋਸ਼ੀਆਂ ਨੂੰ ਭਾਰਤੀ ਦੰਡ ਸੰਹਿਤਾ (IPC) ਦੀਆਂ ਧਾਰਾਵਾਂ 379-B(2), 411, 473 ਅਤੇ 201 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ। ਹਰੇਕ ਦੋਸ਼ੀ ਨੂੰ ਧਾਰਾ 379-B(2) ਤਹਿਤ 10 ਸਾਲ ਦੀ ਸਖ਼ਤ ਕੈਦ ਅਤੇ ਬਾਕੀ ਤਿੰਨ ਧਾਰਾਵਾਂ ਤਹਿਤ ਇੱਕ-ਇੱਕ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਦੋਸ਼ੀਆਂ ਨੂੰ ਜੁਰਮਾਨੇ ਵੀ ਕੀਤੇ ਗਏ। ਅਦਾਲਤ ਵੱਲੋਂ ਸਾਰੀਆਂ ਸਜ਼ਾਵਾਂ ਇਕੱਠੀਆਂ (Concurrent) ਚਲਾਉਣ ਦੇ ਹੁਕਮ ਦਿੱਤੇ ਗਏ।
ਅਦਾਲਤ ਨੇ ਦੋਸ਼ੀਆਂ ਨੂੰ ਪ੍ਰੋਬੇਸ਼ਨ ਦਾ ਲਾਭ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਨੈਚਿੰਗ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਸਜ਼ਾ ਦੇਣਾ ਜ਼ਰੂਰੀ ਹੈ, ਤਾਂ ਜੋ ਇਸ ਤਰ੍ਹਾਂ ਦੇ ਅਪਰਾਧ ਕਰਨ ਦੀ ਮਾਨਸਿਕਤਾ ਰੱਖਣ ਵਾਲੇ ਹੋਰ ਵਿਅਕਤੀਆਂ ਨੂੰ ਵੀ ਸਖ਼ਤ ਸੰਦੇਸ਼ ਦਿੱਤਾ ਜਾ ਸਕੇ।
ਤੀਜੇ ਦੋਸ਼ੀ ਸੋਨੂੰ ਸਿੰਘ ਉਰਫ਼ ਮੁਰਲੀ, ਜੋ ਕਿ ਫ਼ਰਾਰ ਹੈ ਅਤੇ ਜਿਸ ਨੂੰ ਭਗੌੜਾ ਅਪਰਾਧੀ ਐਲਾਨਿਆ ਜਾ ਚੁੱਕਾ ਹੈ, ਦੇ ਖ਼ਿਲਾਫ਼ ਕਾਰਵਾਈ ਉਸ ਦੀ ਗ੍ਰਿਫ਼ਤਾਰੀ ਅਤੇ ਅਦਾਲਤ ਵਿੱਚ ਪੇਸ਼ੀ ਉਪਰੰਤ ਮੁੜ ਸ਼ੁਰੂ ਕੀਤੀ ਜਾਵੇਗੀ।
ਇਹ ਫ਼ੈਸਲਾ ਇਸ ਗੱਲ ਦੀ ਸਪੱਸ਼ਟ ਮਿਸਾਲ ਹੈ ਕਿ ਹਿੰਸਾ, ਧਮਕੀਆਂ ਅਤੇ ਸਨੈਚਿੰਗ ਵਰਗੇ ਅਪਰਾਧਾਂ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਪੀੜਤਾਂ ਨੂੰ ਨਿਰਪੱਖ ਤੇ ਪ੍ਰਭਾਵਸ਼ਾਲੀ ਨਿਆਂਇਕ ਪ੍ਰਕਿਰਿਆ ਰਾਹੀਂ ਇਨਸਾਫ਼ ਦਿਵਾਉਣਾ ਯਕੀਨੀ ਬਣਾਇਆ ਜਾਵੇਗਾ।