ਡੇਰਾਬੱਸੀ, 25 ਨਵੰਬਰ,
ਸਥਾਨਕ ਬੱਸ ਅੱਡੇ ਦੇ ਪਿੱਛੇ ਬਣੀ ਤਿਰੰਗਾ ਪਾਰਕ ਵਿਚ ਲੱਗੇ ਫਿਸਲਣ ਵਾਲੇ ਪੱਥਰਾਂ ਕਾਰਨ ਸੈਰ ਕਰਨ ਆਉਂਦੇ ਲੋਕਾਂ ਦੀ ਸੁਰੱਖਿਆ ਉੱਪਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਪਾਰਕ ਵਿਚ ਵਾਪਰੇ ਇਕ ਹਾਦਸੇ ਦੌਰਾਨ ਸ਼ਹਿਰ ਦੇ ਡਾ. ਵਿਕਾਸ ਅਧਿਕਾਰੀ (54) ਨੂੰ ਗੰਭੀਰ ਸੱਟ ਲੱਗਣ ਕਾਰਨ ਹਸਪਤਾਲ ਵਿਚ ਆਪਰੇਸ਼ਨ ਕਰਵਾਉਣਾ ਪਿਆ।
ਡਾ. ਅਧਿਕਾਰੀ ਨੇ ਦੱਸਿਆ ਕਿ ਪਾਰਕ ਵਿਚ ਪਾਣੀ ਦੀਆਂ ਟੂਟੀਆਂ ਨੇੜੇ ਅਜਿਹੇ ਪੱਥਰ ਲਗਾਏ ਗਏ ਹਨ, ਜਿਨ੍ਹਾਂ ਉੱਪਰ ਪਾਣੀ ਪੈਣ ਨਾਲ ਤੁਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸਵੇਰ ਸਮੇਂ ਸੈਰ ਕਰਦਿਆਂ ਉਹ ਇਨ੍ਹਾਂ ਪੱਥਰਾਂ ਤੋਂ ਫਿਸਲ ਕੇ ਡਿੱਗ ਪਏ, ਜਿਸ ਕਾਰਨ ਉਨ੍ਹਾਂ ਦੇ ਸੱਜੇ ਗੋਡੇ ਦੀ ਚੱਪਣੀ ਟੁੱਟ ਗਈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਕਈ ਵਿਅਕਤੀ ਮੌਜੂਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਬੁਲਾ ਕੇ ਹਸਪਤਾਲ ਜਾਣਾ ਪਿਆ।
ਉਨ੍ਹਾਂ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜਨਤਕ ਪਾਰਕਾਂ ਦੀ ਉਸਾਰੀ ਦੌਰਾਨ ਵਰਤੀ ਜਾਣ ਵਾਲੀ ਸਮੱਗਰੀ ਦੀ ਚੋਣ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਹੋਣੀ ਚਾਹੀਦੀ ਹੈ। ਉਨ੍ਹਾਂ ਪਾਰਕ ਦੀਆਂ ਖ਼ਾਮੀਆਂ ਦੂਰ ਕਰਨ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿਚ ਨਗਰ ਕੌਂਸਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ।
ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰੋਹਿਤ ਨੇ ਕਿਹਾ ਕਿ ਪਾਰਕ ਦਾ ਨਿਰੀਖਣ ਕਰਕੇ ਫਿਸਲਣ ਵਾਲੇ ਪੱਥਰ ਬਦਲਣ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਸ਼ਹਿਰ ਵਿਚ ਟੁੱਟੇ ਮੈਨਹੋਲਾਂ ਦੀ ਮੁਰੰਮਤ ਅਤੇ ਕੂੜੇ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਜੁਰਮਾਨੇ ਕਰਨ ਦੀ ਗੱਲ ਵੀ ਆਖੀ।