ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸੀ.ਪੀ.ਆਈ.ਐਮ ਦੇ ਜਨਰਲ ਸਕੱਤਰ ਕਾਮਰੇਡ ਐਮ.ਏ ਬੇਬੀ ਅਤੇ ਸਾਥੀਆਂ ਦੀ ਗ੍ਰਫਤਾਰੀ ਦੀ ਨਿਖੇਧੀ
ਰੂਪਨਗਰ 10 ਅਕਤੂਬਰ ,
ਆਲ ਇੰਡੀਆ ਕਿਸਾਨ ਸਭਾ ਅਤੇ ਸੀਆਈਟੀਯੂ ਦੇ ਕਾਰਕੁਨਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਹੱਥ ਠੋਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਭਾਰਤੀਆਂ ਵੱਲੋਂ ਵੱਡੀਆਂ ਕੁਰਬਾਨੀਆਂ ਦੇ ਕੇ ਲਿਆਂਦੇ ਗਏ ਲੋਕਤੰਤਰ ਦੀਆਂ ਜੜਾਂ ਖੋਖਲੀਆਂ ਕਰਨ ਅਤੇ ਲਗਾਤਾਰ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਕੀਤੀਆਂ ਜਾ ਰਹੀਆਂ ਕਰਤੂਤਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੋਦੀ ਸਰਕਾਰ ਅਤੇ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ।ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿਰੋਧੀਆਂ ਨੂੰ ਕਮਜ਼ੋਰ ਕਰਨ ਲਈ ਮੁੱਖ ਚੋਣ ਕਮਿਸ਼ਨ ਰਾਹੀਂ ਕੋਝੇ ਹੱਥ ਕੰਡੇ ਅਪਣਾ ਰਹੀ ਹੈ ਜਿਸ ਨਾਲ ਕਰੋੜਾਂ ਭਾਰਤੀਆਂ ਦਾ ਵੋਟ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੁਰੰਤ ਅਸਤੀਫਾ ਦੇਵੇ ਅਤੇ ਐਸ ਆਈ ਆਰ ਨੂੰ ਤੁਰੰਤ ਰੋਕਿਆ ਜਾਵੇ ਅਤੇ ਕੱਟੀਆਂ ਗਈਆਂ ਸਾਰੀਆਂ ਜਾਇਜ਼ ਵੋਟਾਂ ਬਹਾਲ ਕੀਤੀਆਂ ਜਾਣ। ਇਸ ਮੌਕੇ ਦਿੱਲੀ ਵਿਖੇ ਜੰਤਰ ਮੰਤਰ ਤੇ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸੀਪੀਆਈਐਮ ਦੇ ਜਨਰਲ ਸਕੱਤਰ ਕਾਮਰੇਡ ਐਮ ਏ ਬੇਬੀ ,ਕਾਮਰੇਡ ਬਰਿੰਦਾ ਕਰਾਤ ,ਕਾਮਰੇਡ ਅਸ਼ੋਕ ਧਾਵਲੇ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰਨ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਜ਼ਿਲ੍ਹਾ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਭੰਗਲ ,ਸੀ ਆਈਟੀਯੁ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਕਾਮਰੇਡ ਰਾਮ ਕਿਸ਼ਨ ਦਬਕੇਹੜਾ,ਕਾਮਰੇਡ ਸ੍ਰੀਪਾਲ, ਬਰਜਿੰਦਰ ਸਿੰਘ ਡੋਡ, ਸੋਹਣ ਲਾਲ ,ਬਲਦੇਵ ਸਿੰਘ ਅਟਵਾਲ ਆਦਿ ਮੌਜੂਦ ਸਨ।